ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਹੁਣ ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਧੱਮਕੀ ਮਿਲਣ ਤੋਂ ਬਾਅਦ ਸਾਰੇ ਸਕੂਲ ਬੰਦ ਕਰਵਾ ਦਿੱਤੇ ਗਏ ਹਨ। ਇਸ ਮਾਮਲੇ ਵਿਚ ਪੁਲਸ ਕਮਿਸ਼ਨਰ ਧੰਨਪ੍ਰੀਤ ਕੌਰ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਕਿ ਸਾਈਬਰ ਸੈੱਲ ਵੱਲੋਂ ਮੇਲ ਦੀ ਜਾਂਚ ਕੀਤੀ ਜਾ ਰਹੀ ਹੈ। ਸਕੂਲਾਂ ਵਿਚ ਸਥਿਤੀ ਕਾਬੂ ਵਿਚ ਹੈ। ਉਨ੍ਹਾਂ ਕਿਹਾ ਕਿ ਕਰੀਬ 10 ਨਿੱਜੀ ਸਕੂਲਾਂ ਨੂੰ ਧਮਕੀ ਭਰੀਆਂ ਈ-ਮੇਲਸ ਆਈਆਂ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਸਕੂਲਾਂ ਵਿਚ ਛੁੱਟੀ ਕਰ ਦਿੱਤੀ ਗਈ ਹੈ, ਮਾਪਿਆਂ ਨੂੰ ਬੱਚਿਆਂ ਨੂੰ ਘਰ ਲੈ ਕੇ ਜਾਣ ਲਈ ਸੂਚਿਤ ਕਰ ਦਿੱਤਾ ਗਿਆ ਹੈ। ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਅਜੇ ਤੱਕ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਜਿਹੜੇ ਸਕੂਲਾਂ ਵਿਚ ਕੋਈ ਈ-ਮੇਲ ਨਹੀਂ ਆਈ ਹੈ, ਉਥੇ ਵੀ ਸਕੂਲ ਮੈਨੇਜਮੈਂਟ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਸਾਵਧਾਨੀ ਵਰਤਣ। ਸਾਰੇ ਸਕੂਲਾਂ ਦੀ ਮੈਨੇਜਮੈਂਟ ਪ੍ਰਸ਼ਾਸਨ ਨਾਲ ਸੰਪਰਕ ਕਰ ਰਹੀ ਹੈ। ਇਹ ਸਾਰੀਆਂ ਈ-ਮੇਲਸ ਵੱਖ-ਵੱਖ ਸਮੇਂ ‘ਤੇ ਅਤੇ ਵੱਖ-ਵੱਖ ਆਈਡੀ ਤੋਂ ਆਈਆਂ ਹਨ। ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਪੜਤਾਲ ਕਰਨ ਮਗਰੋਂ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਜਲੰਧਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਰੇ ਸਕੂਲਾਂ ਵਿਚ ਕੌਂਬਿੰਗ ਆਪ੍ਰੇਸ਼ਨ ਚੱਲ ਰਹੇ ਹਨ। ਕੁਝ ਹੀ ਘੰਟਿਆਂ ਵਿਚ ਇਹ ਕੌਂਬਿੰਗ ਆਪ੍ਰੇਸ਼ਨ ਪੂਰੇ ਹੋ ਜਾਣਗੇ ਅਤੇ ਉਸ ਦੇ ਬਾਅਦ ਹੀ ਮੰਗਲਵਾਰ ਬਾਰੇ ਸਕੂਲਾਂ ਵਿਚ ਹੋਣ ਜਾਂ ਨਾ ਹੋਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਜਲੰਧਰ ਦੇ ਸੇਂਟ ਜੋਸਫ਼ ਅਤੇ ਆਈ. ਵੀ. ਵਾਈ. ਵਰਲਡ ਸਕੂਲ ਸਮੇਤ ਕੇ. ਐੱਮ. ਵੀ. ਕਾਲਜ ਤੇ ਕੇ. ਐੱਮ. ਵੀ. ਸੰਸਕ੍ਰਿਤੀ ਸਕੂਲ ਤੇ ਸ਼ਿਵ ਜੋਤੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।
Jalandhar ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧੱਮਕੀ, ਦਹਿਸ਼ਤ ਦਾ ਮਾਹੌਲ ਹੋਇਆ ਪੈਦਾ। Jalandhar ਦੇ DC Himanshu Aggarwal ਦਾ ਬਿਆਨ ਆਇਆ ਸ੍ਹਾਮਣੇ।

